ਵਿਆਕਰਨਕ ਸ਼ਰੇਣੀਆਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਆਕਰਨਕ ਸ਼ਰੇਣੀਆਂ: ਰਵਾਇਤੀ ਭਾਸ਼ਾ ਵਿਗਿਆਨੀ, ਸ਼ਬਦ-ਸ਼ਰੇਣੀਆਂ (ਨਾਂਵ, ਪੜਨਾਂਵ, ਕਿਰਿਆ ਆਦਿ) ਨੂੰ ਪਹਿਲੇ ਦਰਜੇ ਦੀਆਂ ਸ਼ਰੇਣੀਆਂ ਮੰਨਦੇ ਹਨ ਅਤੇ ਵਿਆਕਰਨਕ ਸ਼ਰੇਣੀਆਂ (ਲਿੰਗ, ਵਚਨ, ਕਾਲ ਆਦਿ) ਨੂੰ ਦੂਜੈਲੇ ਪੱਧਰ ਦੀ ਸ਼ਰੇਣੀਆਂ ਮੰਨਦੇ ਹਨ। ਇਹ ਭਾਸ਼ਾ ਵਿਗਿਆਨੀ ਕਰਤਾ, ਕਰਮ ਆਦਿ ਨੂੰ ਕਾਰਜੀ ਸ਼ਰੇਣੀਆਂ ਸਵੀਕਾਰ ਕਰਦੇ ਹਨ। ਪੰਜਾਬੀ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿਚ ‘ਵਿਆਕਰਨ ਸ਼ਰੇਣੀਆਂ’ ਸੰਕਲਪ ਲਿੰਗ, ਵਚਨ, ਪੁਰਖ ਆਦਿ ਲਈ ਵਰਤਿਆ ਜਾਂਦਾ ਹੈ। ਹਰ ਭਾਸ਼ਾ ਦੀਆਂ ਸ਼ਬਦ-ਸ਼ਰੇਣੀਆਂ ਦੇ ਵਰਗਾਂ ਦੀ ਗਿਣਤੀ ਵੱਧ ਘੱਟ ਹੋ ਸਕਦੀ ਹੈ ਪਰ ਵਿਆਕਰਨਕ ਸ਼ਰੇਣੀਆਂ ਸੀਮਤ ਹਨ ਅਤੇ ਇਨ੍ਹਾਂ ਦੀ ਵਰਤੋਂ ਹਰ ਭਾਸ਼ਾ ਵਿਚ ਵੱਖੋ ਵੱਖਰੀ ਹੋ ਸਕਦੀ ਹੈ। ਮਿਸਾਲ ਵਜੋਂ ਪੰਜਾਬੀ ਨਾਂਵ ਸ਼ਰੇਣੀ ਦੇ ਸ਼ਬਦਾਂ ਦਾ ਕਾਰਕ ਅਤੇ ਵਚਨ ਵਿਆਕਰਨਕ ਸ਼ਰੇਣੀਆਂ ਅਨੁਸਾਰ ਰੂਪਾਂਤਰਨ ਹੁੰਦਾ ਹੈ ਅਤੇ ਲਿੰਗ ਹਰ ਨਾਂਵ ਦਾ ਮੂਲ ਲੱਛਣ ਹੈ ਪਰ ਇਸ ਪਰਕਾਰ ਦਾ ਵਰਤਾਰਾ ਹਰ ਭਾਸ਼ਾ ਵਿਚ ਇਕੋ ਜਿਹਾ ਨਹੀਂ ਹੁੰਦਾ ਕਿਉਂਕਿ ਕਿਸੇ ਭਾਸ਼ਾ ਵਿਚ ਲਿੰਗ ਦੀ ਵੰਡ ਦੋ ਪਰਕਾਰ ਦੀ ਹੈ ਤੇ ਕਿਸੇ ਵਿਚ ਤਿੰਨ ਪਰਕਾਰ ਦੀ। ਪੰਜਾਬੀ ਭਾਸ਼ਾ ਦੇ ਪੜਨਾਂਵ ਸ਼ਬਦਾਂ ਵਿਚ ਲਿੰਗ ਭੇਦ ਨਹੀਂ ਹੁੰਦਾ ਪਰ ਅੰਗਰੇਜ਼ੀ ਵਿਚ ਪੜਨਾਂਵ ਸ਼ਬਦ ਦਾ ਲਿੰਗ ਭੇਦ ਹੁੰਦਾ ਹੈ। ਇਸੇ ਤਰ੍ਹਾਂ ਕਾਰਕ ਦੁਆਰਾ ਨਾਂਵ ਵਾਕੰਸ਼ਾਂ ਅਤੇ ਕਿਰਿਆ ਵਾਕੰਸ਼ਾਂ ਦੇ ਆਪਸੀ ਵਾਕਾਤਮਕ ਸਬੰਧਾਂ ਦਾ ਪਤਾ ਚਲਦਾ ਹੈ ਪਰ ਹਰ ਭਾਸ਼ਾ ਵਿਚਲੇ ਵਾਕਾਂ ਦੇ ਵਾਕਾਤਮਕ ਸਬੰਧ ਇਕੋ ਜਿਹੇ ਨਹੀਂ ਇਸ ਕਰਕੇ ਕਾਰਕਾਂ ਦੀ ਗਿਣਤੀ ਵੀ ਹਰ ਭਾਸ਼ਾ ਵਿਚ ਇਕੋ ਜਿਹੀ ਨਹੀਂ।

        ਵਿਆਕਰਨਕ ਸ਼ਰੇਣੀਆਂ ਨੂੰ (ਲਿੰਗ, ਵਚਨ, ਪੁਰਖ, ਕਾਲ, ਆਸਪੈਕਟ, ਵਾਚ, ਕਾਰਕ ਤੇ ਮੂਡ) ਵਿਚ ਵੰਡਿਆ ਜਾਂਦਾ ਹੈ। ਵਿਸ਼ਲੇਸ਼ਣ ਲਈ ਇਨ੍ਹਾਂ ਸ਼ਰੇਣੀਆਂ ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ : (i) ਰੂਪਕ ਵਖਰੇਵਾਂ (ii) ਅਰਥ ਪਰਕਤਾ ਅਤੇ (iii) ਸ਼ਰੇਣੀਆਂ ਦਾ ਸ਼ਬਦ-ਸ਼ਰੇਣੀਆਂ ’ਤੇ ਪਰਭਾਵ। ਹਰ ਇਕ ਵਿਆਕਰਨਕ ਸ਼ਰੇਣੀ ਨੂੰ ਤਿੰਨ ਪੱਖਾਂ ਤੋਂ ਇਸ ਪਰਕਾਰ ਵਾਚਿਆ ਜਾ ਸਕਦਾ ਹੈ, ਜਿਵੇਂ : (i) ਸ਼ਰੇਣੀਆਂ ਦਾ ਪਰਭਾਵ ਸ਼ਬਦ-ਸ਼ਰੇਣੀ ’ਤੇ ਇਸ ਪਰਕਾਰ ਪੈਂਦਾ ਹੈ : ਲਿੰਗ (ਨਾਂਵ, ਵਿਸ਼ੇਸ਼ਣ ਤੇ ਕਿਰਿਆ), ਵਚਨ (ਨਾਂਵ, ਪੜਨਾਂਵ ਤੇ ਕਿਰਿਆ), ਪੁਰਖ (ਪੜਨਾਂਵ ਤੇ ਕਿਰਿਆ) ਅਤੇ ਕਾਲ, ਆਸਪੈਕਟ, ਵਾਚ ਤੇ ਮੂਡ (ਕਿਰਿਆ) (ii) ਰੂਪਕ ਪੱਖ ਤੋਂ ਵਿਆਕਰਨਕ ਸ਼ਰੇਣੀਆਂ ਨੂੰ ਹਰ ਭਾਸ਼ਾ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : ਲਿੰਗ (ਪੁਲਿੰਗ, ਇਸਤਰੀ ਲਿੰਗ, ਨਿਪੁੰਸਕ, ਜਾਨਦਾਰ ਅਤੇ ਗੈਰ ਜਾਨਦਾਰ), ਵਚਨ (ਇਕ ਵਚਨ, ਦੋ ਵਚਨ ਅਤੇ ਬਹੁਵਚਨ), ਪੁਰਖ (ਪਹਿਲਾ, ਦੂਜਾ, ਤੀਜਾ ਤੇ ਚੌਥਾ ਪੁਰਖ), ਕਾਲ (ਵਰਤਮਾਨ, ਭੂਤ ਤੇ ਭਵਿਖਤ ਕਾਲ), ਵਾਚ (ਕਰਤਰੀ, ਕਰਮਣੀ, ਭਾਵ ਵਾਚ, ਪ੍ਰੇਰਕ), ਆਸਪੈਕਟ (ਪੂਰਨ ਤੇ ਅਪੂਰਨ), ਕਾਰਕ (ਸਧਾਰਨ, ਸਬੰਧਕੀ, ਸੰਪਰਦਾਨ ਆਦਿ) ਆਦਿ। (iii) ਅਰਥ ਪਰਕਤਾ ਦੇ ਅਧਾਰ ’ਤੇ ਵਿਆਕਰਨਕ ਸ਼ਰੇਣੀਆਂ ਇਸ ਪਰਕਾਰ ਕਾਰਜ ਕਰਦੀਆਂ ਹਨ, ਜਿਵੇਂ : ਲਿੰਗ ਦੇ ਘੇਰੇ ਵਿਚ ‘ਨਰ, ਮਦੀਨ, ਗੈਰ ਨਰਮਰਦ ਅਤੇ ਜਿਉਂਦੀਆਂ ਚੀਜ਼ਾਂ’ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਚਨ ਦੇ ਘੇਰੇ ਵਿਚ ‘ਇਕ, ਦੋ, ਦੋ ਤੋਂ ਵਧੇਰੇ’ ਆਦਿ ਚੀਜਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.